25 : 1
تَبَارَكَ ٱلَّذِى نَزَّلَ ٱلْفُرْقَانَ عَلَىٰ عَبْدِهِۦ لِيَكُونَ لِلْعَـٰلَمِينَ نَذِيرًا
1਼ ਉਹ ਜ਼ਾਤ ਬਹੁਤ ਹੀ ਬਰਕਤਾਂ ਵਾਲੀ ਹੈ ਜਿਸ ਨੇ ਆਪਣੇ ਬੰਦੇ (ਮੁਹੰਮਦ) ’ਤੇ ਫ਼ੁਰਕਾਨ (.ਕੁਰਆਨ) ਉਤਾਰਿਆ ਤਾਂ ਜੋ ਉਹ ਸਾਰੇ ਲੋਕਾਂ ਨੂੰ (ਕਿਆਮਤ ਦੇ ਅਜ਼ਾਬ ਤੋਂ) ਡਰਾਉਣ ਵਾਲਾ ਬਣੇ।
★
25 : 2
ٱلَّذِى لَهُۥ مُلْكُ ٱلسَّمَـٰوَٰتِ وَٱلْأَرْضِ وَلَمْ يَتَّخِذْ وَلَدًا وَلَمْ يَكُن لَّهُۥ شَرِيكٌ فِى ٱلْمُلْكِ وَخَلَقَ كُلَّ شَىْءٍ فَقَدَّرَهُۥ تَقْدِيرًا
2਼ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਉਸੇ (ਅੱਲਾਹ) ਦੀ ਹੈ। ਨਾ ਹੀ ਉਹ (ਅੱਲਾਹ) ਆਪਣੇ ਲਈ ਕੋਈ ਪੁੱਤਰ ਰੱਖਦਾ ਹੈ ਅਤੇ ਨਾ ਹੀ ਪਾਤਸ਼ਾਹੀ ਵਿਚ ਉਸ ਦਾ ਕੋਈ ਭਾਈਵਾਲ ਹੈ। ਉਸ ਨੇ ਹਰੇਕ ਚੀਜ਼ ਨੂੰ ਪੈਦਾ ਕੀਤਾ ਤੇ ਫੇਰ ਇਕ ਨਿਯਤ ਸਮੇਂ ਲਈ ਉਹਨਾਂ ਦੀ ਤਕਦੀਰ ਬਣਾਈ।
★
25 : 3
وَٱتَّخَذُوا۟ مِن دُونِهِۦٓ ءَالِهَةً لَّا يَخْلُقُونَ شَيْـًٔا وَهُمْ يُخْلَقُونَ وَلَا يَمْلِكُونَ لِأَنفُسِهِمْ ضَرًّا وَلَا نَفْعًا وَلَا يَمْلِكُونَ مَوْتًا وَلَا حَيَوٰةً وَلَا نُشُورًا
3਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਨੂੰ ਛੱਡ ਹੋਰ ਜਿਹੜੇ ਇਸ਼ਟ ਬਣਾ ਰੱਖੇ ਹਨ ਉਹ (ਕਿਸੇ ਵੀ ਚੀਜ਼ ਦੀ ਸਿਰਜਣਾ) ਨਹੀਂ ਕਰ ਸਕਦੇ ਸਗੋਂ ਉਹ ਤਾਂ ਆਪ ਸਾਜੇ ਗਏ ਹਨ। ਇਹ ਤਾਂ ਆਪ ਆਪਣੇ ਲਈ ਕਿਸੇ ਨਫ਼ਾ-ਨੁਕਸਾਨ ਕਰਨ ਦਾ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਜੀਵਨ ਤੇ ਮੌਤ ਦਾ, ਅਤੇ ਨਾ ਹੀ ਮੁੜ ਜੀ ਉਠਣਾ ਉਹਨਾਂ ਦੇ ਵੱਸ ਵਿਚ ਹੈ।
★
25 : 4
وَقَالَ ٱلَّذِينَ كَفَرُوٓا۟ إِنْ هَـٰذَآ إِلَّآ إِفْكٌ ٱفْتَرَىٰهُ وَأَعَانَهُۥ عَلَيْهِ قَوْمٌ ءَاخَرُونَ ۖ فَقَدْ جَآءُو ظُلْمًا وَزُورًا
4਼ ਅਤੇ ਕਾਫ਼ਿਰ ਨੇ ਕਿਹਾ ਕਿ ਇਹ (.ਕੁਰਆਨ) ਤਾਂ ਨਿਰਾ ਝੂਠ ਹੈ ਜਿਸ ਨੂੰ ਇਸ (ਮੁਹੰਮਦ) ਨੇ ਆਪ ਹੀ ਘੜ੍ਹ ਲਿਆ ਹੈ ਜਿਸ ਦੇ (ਘੜ੍ਹਣ) ਵਿਚ ਹੋਰਾਂ ਨੇ ਵੀ ਇਸ ਦੀ ਮਦਦ ਕੀਤੀ ਹੈ। ਹੇ ਨਬੀ! (ਇਹ ਕਹਿ ਕੇ) ਉਹਨਾਂ ਨੇ ਬਹੁਤ ਹੀ ਵੱਡੇ ਜ਼ੁਲਮ ਅਤੇ ਝੂਠ ਦਾ ਅਪਰਾਧ ਕੀਤਾ ਹੈ।
★
25 : 5
وَقَالُوٓا۟ أَسَـٰطِيرُ ٱلْأَوَّلِينَ ٱكْتَتَبَهَا فَهِىَ تُمْلَىٰ عَلَيْهِ بُكْرَةً وَأَصِيلًا
5਼ (ਉਹਨਾਂ ਨੇ) ਇਹ ਵੀ ਕਿਹਾ ਕਿ ਇਹ ਤਾਂ ਪਿਛਲੇ ਲੋਕਾਂ ਦੇ ਕਿੱਸੇ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਲਈ ਲਿਖਵਾਏ ਹਨ। ਬਸ ਉਹੀਓ ਸਵੇਰੇ-ਸ਼ਾਮ ਉਸ ਦੇ ਸਾਹਮਣੇ ਪੜ੍ਹੇ ਜਾਂਦੇ ਹਨ।
★
25 : 6
قُلْ أَنزَلَهُ ٱلَّذِى يَعْلَمُ ٱلسِّرَّ فِى ٱلسَّمَـٰوَٰتِ وَٱلْأَرْضِ ۚ إِنَّهُۥ كَانَ غَفُورًا رَّحِيمًا
6਼ (ਹੇ ਨਬੀ!) ਆਖ ਦਿਓ ਕਿ ਇਸ (.ਕੁਰਆਨ) ਨੂੰ ਤਾਂ ਉਸ ਨੇ ਉਤਾਰਿਆ ਹੈ ਜਿਹੜਾ ਅਕਾਸ਼ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ। ਬੇਸ਼ੱਕ ਉਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ।
★
25 : 7
وَقَالُوا۟ مَالِ هَـٰذَا ٱلرَّسُولِ يَأْكُلُ ٱلطَّعَامَ وَيَمْشِى فِى ٱلْأَسْوَاقِ ۙ لَوْلَآ أُنزِلَ إِلَيْهِ مَلَكٌ فَيَكُونَ مَعَهُۥ نَذِيرًا
7਼ ਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਇਹ ਕਿਹੋ ਜਿਹਾ ਰਸੂਲ ਹੈ ਜਿਹੜਾ ਭੋਜਨ ਵੀ ਕਰਦਾ ਹੈ ਅਤੇ ਬਜ਼ਾਰਾਂ ਵਿਚ ਤੁਰਦਾ ਫਿਰਦਾ ਵੀ ਹੈ ? ਇਸ ਦੇ ਸੰਗ ਕੋਈ ਫ਼ਰਿਸ਼ਤਾ ਕਿਉਂ ਨਹੀਂ ਭੇਜਿਆ ਗਿਆ ਕਿ ਉਹ ਵੀ ਇਸ ਦਾ ਸਾਥੀ ਬਣ ਕੇ (ਇਨਕਾਰੀਆਂ ਅਤੇ ਸਰਕਸ਼ਾਂ ਨੂੰ) ਡਰਾਉਂਦਾ।
★
25 : 8
أَوْ يُلْقَىٰٓ إِلَيْهِ كَنزٌ أَوْ تَكُونُ لَهُۥ جَنَّةٌ يَأْكُلُ مِنْهَا ۚ وَقَالَ ٱلظَّـٰلِمُونَ إِن تَتَّبِعُونَ إِلَّا رَجُلًا مَّسْحُورًا
8਼ ਜਾਂ ਇਸ ਲਈ ਕੋਈ ਖ਼ਜ਼ਾਨਾ ਹੀ ਉਤਾਰਿਆ ਹੁੰਦਾ ਜਾਂ ਇਸ ਦਾ ਕੋਈ ਬਾਗ਼ ਹੀ ਹੁੰਦਾ ਜਿਸ ਵਿੱਚੋਂ ਇਹ (ਫਲ) ਖਾਂਦਾ। ਉਹਨਾਂ ਜ਼ਾਲਮਾਂ ਨੇ (ਈਮਾਨ ਲਿਆਉਣ ਵਾਲਿਆਂ ਨੂੰ ਕਿਹਾ) ਕਿ ਤੁਸੀਂ ਅਜਿਹੇ ਆਦਮੀ ਦੇ ਪਿੱਛੇ ਲੱਗ ਟੁਰੇ ਹੋ ਜਿਸ ’ਤੇ ਜਾਦੂ ਕੀਤਾ ਹੋਇਆ ਹੈ।
★
25 : 9
ٱنظُرْ كَيْفَ ضَرَبُوا۟ لَكَ ٱلْأَمْثَـٰلَ فَضَلُّوا۟ فَلَا يَسْتَطِيعُونَ سَبِيلًا
9਼ (ਹੇ ਮੁਹੰਮਦ ਸ:!) ਵੇਖੋ ਤਾਂ ਸਹਿ ਕਿ ਇਹ (ਕਾਫ਼ਿਰ) ਲੋਕ ਤੁਹਾਡੇ ਪ੍ਰਤੀ ਕਿਹੋ ਜਹੀਆਂ ਗੱਲਾਂ ਬਣਾ ਰਹੇ ਹਨ। ਉਹ ਕੁਰਾਹੇ ਪਏ ਹੋਏ ਹੋ, ਹੁਣ ਉਹ ਕਿਸੇ ਤਰ੍ਹਾਂ ਵੀ ਸਿੱਧੇ ਰਾਹ ਨਹੀਂ ਆ ਸਕਦੇ।
★
25 : 10
تَبَارَكَ ٱلَّذِىٓ إِن شَآءَ جَعَلَ لَكَ خَيْرًا مِّن ذَٰلِكَ جَنَّـٰتٍ تَجْرِى مِن تَحْتِهَا ٱلْأَنْهَـٰرُ وَيَجْعَل لَّكَ قُصُورًۢا
10਼ ਉਹ (ਅੱਲਾਹ) ਦੀ ਜ਼ਾਤ ਵੱਡੀਆਂ ਬਰਕਤਾਂ ਵਾਲੀ ਹੈ। ਜੇ ਉਹ ਚਾਹਵੇ ਤਾਂ ਤੁਹਾਡੇ ਲਈ ਇਹਨਾਂ ਤੋਂ ਵਧੀਆ ਚੀਜ਼ਾਂ ਬਣਾ ਦੇਵੇ ਭਾਵ ਅਜਿਹੇ ਬਾਗ਼ ਬਣਾ ਦੇਵੇ ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣ ਅਤੇ ਤੁਹਾਨੂੰ ਕਈ ਮਹਿਲ ਵੀ ਦੇ ਦੇਵੇ।
★
25 : 11
بَلْ كَذَّبُوا۟ بِٱلسَّاعَةِ ۖ وَأَعْتَدْنَا لِمَن كَذَّبَ بِٱلسَّاعَةِ سَعِيرًا
11਼ ਪਰ ਉਹਨਾਂ ਨੇ ਕਿਆਮਤ ਨੂੰ ਝੁਠਲਾਇਆ ਹੈ ਅਤੇ ਅਸੀਂ ਉਸ ਵਿਅਕਤੀ ਲਈ, ਜਿਹੜਾ ਕਿਆਮਤ ਨੂੰ ਝੁਠਲਾਏ, ਭੜਕਦੀ ਹੋਈ ਅੱਗ ਤਿਆਰ ਕੀਤੀ ਹੋਈ ਹੈ।
★
25 : 12
إِذَا رَأَتْهُم مِّن مَّكَانٍۭ بَعِيدٍ سَمِعُوا۟ لَهَا تَغَيُّظًا وَزَفِيرًا
12਼ ਜਦੋਂ ਉਹ (ਨਰਕ ਦੀ ਅੱਗ) ਉਹਨਾਂ (ਇਨਕਾਰੀਆਂ) ਨੂੰ ਦੂਰ ਤੋਂ ਵੇਖੇਗੀ ਤਾਂ ਇਹ ਲੋਕੀ ਉਸ (ਅੱਗ) ਦੀਆਂ ਗੁੱਸੇ ਭਰੀਆਂ ਤੇ ਜੋਸ਼ ਮਾਰਦੀਆਂ ਆਵਾਜ਼ਾਂ ਸੁਣ ਲੈਣਗੇ।
★
25 : 13
وَإِذَآ أُلْقُوا۟ مِنْهَا مَكَانًا ضَيِّقًا مُّقَرَّنِينَ دَعَوْا۟ هُنَالِكَ ثُبُورًا
13਼ ਜਦੋਂ ਉਹ ਜ਼ੰਜੀਰਾਂ ਨਾਲ ਕਸੇ ਹੋਏ ਉਸ (ਨਰਕ) ਦੀ ਕਿਸੇ ਭੀੜੀ ਥਾਂ ਵਿਚ ਸੁੱਟੇ ਜਾਣਗੇ ਤਾਂ ਉੱਥੇ ਆਪਣੀ ਮੌਤ ਨੂੰ ਹੀ ਹਾਂਕਾਂ ਮਾਰਣਗੇ।
★
25 : 14
لَّا تَدْعُوا۟ ٱلْيَوْمَ ثُبُورًا وَٰحِدًا وَٱدْعُوا۟ ثُبُورًا كَثِيرًا
14਼ (ਉਹਨਾਂ ਕਾਫ਼ਿਰਾਂ ਨੂੰ ਕਿਹਾ ਜਾਵੇਗਾ) ਕਿ ਅੱਜ ਇਕ ਮੌਤ ਨਾ ਬੁਲਾਓ ਸਗੋਂ ਕਈ ਸਾਰੀਆਂ ਮੌਤਾਂ ਨੂੰ ਪੁਕਾਰੋ।
★
25 : 15
قُلْ أَذَٰلِكَ خَيْرٌ أَمْ جَنَّةُ ٱلْخُلْدِ ٱلَّتِى وُعِدَ ٱلْمُتَّقُونَ ۚ كَانَتْ لَهُمْ جَزَآءً وَمَصِيرًا
15਼ (ਹੇ ਨਬੀ!) ਤੁਸੀਂ (ਉਹਨਾਂ ਕਾਫ਼ਿਰਾਂ ਤੋਂ) ਪੁੱਛੋ ਕਿ ਕੀ ਇਹ (ਨਰਕ) ਵਧੀਆ ਹੈ ਜਾਂ ਉਹ ਸਦਾ ਰਹਿਣ ਵਾਲੀ ਜੰਨਤ ਜਿਸ ਦਾ ਵਾਅਦਾ ਪਰਹੇਜ਼ਗਾਰਾਂ (ਨੇਕ ਲੋਕਾਂ) ਨੂੰ ਦਿੱਤਾ ਗਿਆ ਹੈ? ਉਹ ਉਹਨਾਂ ਦੇ ਨੇਕ ਕੰਮਾਂ ਦਾ ਬਦਲਾ ਹੋਵੇਗਾ ਅਤੇ ਉਹਨਾਂ ਦੇ ਰਹਿਣ ਦਾ ਅਸਲੀ ਟਿਕਾਣਾ ਹੈ।
★
25 : 16
لَّهُمْ فِيهَا مَا يَشَآءُونَ خَـٰلِدِينَ ۚ كَانَ عَلَىٰ رَبِّكَ وَعْدًا مَّسْـُٔولًا
16਼ ਇਸ (ਜੰਨਤ ਵਿਚ) ਉਹਨਾਂ ਲਈ ਉਹੀਓ ਹੋਵੇਗਾ ਜਿਸ ਦੀ ਇਹ (ਨੇਕ ਲੋਕ) ਇੱਛਾ ਕਰਨਗੇ। ਉੱਥੇ ਉਹ ਸਦਾ ਰਹਿਣਗੇ। ਇਹ ਤੁਹਾਡੇ ਰੱਬ ਜ਼ਿੰਮੇ ਉਹ ਵਾਅਦਾ ਹੈ ਜਿਹੜਾ ਪੂਰਾ ਹੋਕੇ ਰਹਿਣਾ ਹੈ।
★
25 : 17
وَيَوْمَ يَحْشُرُهُمْ وَمَا يَعْبُدُونَ مِن دُونِ ٱللَّهِ فَيَقُولُ ءَأَنتُمْ أَضْلَلْتُمْ عِبَادِى هَـٰٓؤُلَآءِ أَمْ هُمْ ضَلُّوا۟ ٱلسَّبِيلَ
17਼ ਜਿਸ ਦਿਨ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਅਤੇ ਉਹਨਾਂ ਇਸ਼ਟਾਂ ਨੂੰ, ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ ਉਹਨਾਂ ਸਭ ਨੂੰ ਇਕੱਠਾ ਕਰੇਗਾ ਅਤੇ (ਇਹਨਾਂ ਤੋਂ) ਪੁੱਛੇਗਾ, ਕੀ ਮੇਰੇ ਇਨ੍ਹਾਂ ਬੰਦਿਆਂ ਨੂੰ ਤੁਸੀਂ ਕੁਰਾਹੇ ਪਾਇਆ ਸੀ ਜਾਂ ਇਹ ਆਪ ਹੀ ਕੁਰਾਹੇ ਪਏ ਗਏ ਸੀ?
★
25 : 18
قَالُوا۟ سُبْحَـٰنَكَ مَا كَانَ يَنۢبَغِى لَنَآ أَن نَّتَّخِذَ مِن دُونِكَ مِنْ أَوْلِيَآءَ وَلَـٰكِن مَّتَّعْتَهُمْ وَءَابَآءَهُمْ حَتَّىٰ نَسُوا۟ ٱلذِّكْرَ وَكَانُوا۟ قَوْمًۢا بُورًا
18਼ ਉਹ (ਇਸ਼ਟ) ਉੱਤਰ ਦੇਣਗੇ ਕਿ ਤੇਰੀ ਜ਼ਾਤ ਪਾਕ ਹੈ, ਸਾਡੀ ਇਹ ਮਜਾਲ ਨਹੀਂ ਸੀ ਕਿ ਅਸੀਂ ਤੇਥੋਂ ਛੁੱਟ ਹੋਰਾਂ ਨੂੰ ਆਪਣਾ (ਕਾਰਜ ਸਾਧਕ) ਬਣਾਉਂਦੇ। ਅਸਲ ਗੱਲ ਇਹ ਹੈ ਕਿ ਤੂੰ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ ਹਰ ਪ੍ਰਕਾਰ ਦੀ ਜੀਵਨ ਸਮੱਗਰੀ ਬਖ਼ਸ਼ੀ, ਪਰ ਉਹ ਤੇਰੀਆਂ ਨਸੀਹਤਾਂ ਨੂੰ ਭੁਲਾ ਬੈਠੇ, ਫੇਰ ਤਾਂ ਉਹਨਾਂ ਲੋਕਾਂ ਨੇ ਬਰਬਾਦ ਹੋਣਾ ਹੀ ਸੀ।
★
25 : 19
فَقَدْ كَذَّبُوكُم بِمَا تَقُولُونَ فَمَا تَسْتَطِيعُونَ صَرْفًا وَلَا نَصْرًا ۚ وَمَن يَظْلِم مِّنكُمْ نُذِقْهُ عَذَابًا كَبِيرًا
19਼ (ਅੱਲਾਹ ਕਾਫ਼ਿਰਾਂ ਨੂੰ ਆਖੇਗਾ ਕਿ) ਉਹਨਾਂ (ਇਸ਼ਟਾਂ) ਨੇ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਦੀ ਨਿਖੇਦੀ ਕੀਤੀ ਹੈ। ਹੁਣ ਨਾ ਤਾਂ ਤੁਸੀਂ ਅਜ਼ਾਬ ਨੂੰ ਟਾਲ ਸਕਦੇ ਹੋ ਅਤੇ ਨਾ ਹੀ (ਕਿਸੇ ਤੋਂ) ਕੋਈ ਮਦਦ ਲੈ ਸਕਦੇ ਹੋ। ਤੁਹਾਡੇ (ਕਾਫ਼ਿਰਾਂ) ਵਿੱਚੋਂ ਜਿਹੜਾ ਵੀ ਜ਼ੁਲਮ (ਸ਼ਿਰਕ) ਕਰੇਗਾ ਹੈ ਅਸੀਂ ਉਸ ਨੂੰ ਕਰੜਾ ਅਜ਼ਾਬ ਦੇਵਾਂਗੇ।1
★
25 : 20
وَمَآ أَرْسَلْنَا قَبْلَكَ مِنَ ٱلْمُرْسَلِينَ إِلَّآ إِنَّهُمْ لَيَأْكُلُونَ ٱلطَّعَامَ وَيَمْشُونَ فِى ٱلْأَسْوَاقِ ۗ وَجَعَلْنَا بَعْضَكُمْ لِبَعْضٍ فِتْنَةً أَتَصْبِرُونَ ۗ وَكَانَ رَبُّكَ بَصِيرًا
20਼ (ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਜਿੰਨੇ ਵੀ ਪੈਗ਼ੰਬਰ ਭੇਜੇ ਸਨ, ਉਹ ਵੀ ਸਾਰੇ ਦੇ ਸਾਰੇ ਭੋਜਨ ਕਰਦੇ ਸਨ ਅਤੇ ਬਜ਼ਾਰਾਂ ਵਿਚ ਤੁਰਦੇ-ਫਿਰਦੇ ਸਨ ਅਤੇ ਅਸੀਂ ਤੁਹਾਨੂੰ ਇਕ ਦੂਜੇ ਲਈ ਪਰਖਣ ਦਾ ਸਾਧਨ ਬਣਾਇਆ ਹੈ। ਕੀ ਤੁਸੀਂ (ਉਹਨਾਂ ਕਾਫ਼ਿਰਾਂ ਦੀਆਂ ਕਰਤੂਤਾਂ ’ਤੇ) ਧੀਰਜ ਤੋਂ ਕੰਮ ਲਵੋਂਗੇ ? (ਹੇ ਨਬੀ! ਤੇਰਾ ਰੱਬ ਸਭ ਕੁੱਝ ਵੇਖਦਾ ਹੈ)।
★
25 : 21
۞ وَقَالَ ٱلَّذِينَ لَا يَرْجُونَ لِقَآءَنَا لَوْلَآ أُنزِلَ عَلَيْنَا ٱلْمَلَـٰٓئِكَةُ أَوْ نَرَىٰ رَبَّنَا ۗ لَقَدِ ٱسْتَكْبَرُوا۟ فِىٓ أَنفُسِهِمْ وَعَتَوْ عُتُوًّا كَبِيرًا
21਼ ਜਿਹੜੇ ਲੋਕ ਸਾਡੇ ਨਾਲ (ਭਾਵ ਰੱਬ ਨਾਲ) ਮਿਲਣ ਦੀ ਆਸ ਨਹੀਂ ਰੱਖਦੇ ਉਹ ਆਖਦੇ ਹਨ ਕਿ ਸਾਡੇ ਲਈ ਫ਼ਰਿਸ਼ਤੇ ਕਿਉਂ ਨਹੀਂ ਉਤਾਰੇ ਜਾਂ ਅਸੀਂ ਆਪਣੇ ਰੱਬ ਨੂੰ (ਅੱਖੀਂ) ਵੇਖ ਲੈਂਦੇ (ਫੇਰ ਈਮਾਨ ਲੈ ਆਉਂਦੇ)। ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰੱਖਿਆ ਹੈ ਅਤੇ ਇਸੇ ਕਾਰਨ ਉਹ ਸਰਕਸ਼ੀ ਵੀ ਕਰਦੇ ਹਨ।
★
25 : 22
يَوْمَ يَرَوْنَ ٱلْمَلَـٰٓئِكَةَ لَا بُشْرَىٰ يَوْمَئِذٍ لِّلْمُجْرِمِينَ وَيَقُولُونَ حِجْرًا مَّحْجُورًا
22਼ ਜਿਸ ਦਿਨ ਇਹ ਲੋਕ ਫ਼ਰਿਸ਼ਤਿਆਂ ਨੂੰ ਵੇਖ ਲੈਣਗੇ ਉਸ ਦਿਨ ਉਹਨਾਂ ਪਾਪੀਆਂ ਲਈ ਕੋਈ ਖ਼ੁਸ਼ੀ ਵਾਲੀ ਗੱਲ ਨਹੀਂ ਹੋਵੇਗੀ। ਅਤੇ ਉਹ (ਫ਼ਰਿਸ਼ਤੇ) ਆਖਣਗੇ ਕਿ ਤੁਹਾਡੇ ਲਈ ਜੰਨਤ ਹਰਾਮ ਕਰ ਦਿੱਤੀ ਗਈ ਹੈ।
★
25 : 23
وَقَدِمْنَآ إِلَىٰ مَا عَمِلُوا۟ مِنْ عَمَلٍ فَجَعَلْنَـٰهُ هَبَآءً مَّنثُورًا
23਼ ਅਤੇ ਉਹਨਾਂ (ਪਾਪੀਆਂ) ਨੇ ਜਿਹੜੇ ਵੀ (ਵੇਖਣ ਵਿਚ ਨੇਕ) ਅਮਲ ਕੀਤੇ ਹੋਣਗੇ ਜਦੋਂ ਅਸੀਂ ਉਹਨਾਂ ਵੱਲ ਧਿਆਨ ਦਿਆਂਗੇ ਤਾਂ ਉਹਨਾਂ ਨੂੰ ਧੂੜ ਵਾਂਗ ਉਡਾ ਦਿਆਂਗੇ।
★
25 : 24
أَصْحَـٰبُ ٱلْجَنَّةِ يَوْمَئِذٍ خَيْرٌ مُّسْتَقَرًّا وَأَحْسَنُ مَقِيلًا
24਼ ਉਸ (ਕਿਆਮਤ) ਦਿਹਾੜੇ ਜੰਨਤੀਆਂ ਲਈ ਠਹਿਰਨ ਦੀ ਵਧੀਆ ਥਾਂ ਹੋਵੇਗੀ ਅਤੇ ਵਧੀਆ ਆਰਾਮਗਾਹ ਵਿਚ ਹੋਣਗੇ।
★
25 : 25
وَيَوْمَ تَشَقَّقُ ٱلسَّمَآءُ بِٱلْغَمَـٰمِ وَنُزِّلَ ٱلْمَلَـٰٓئِكَةُ تَنزِيلًا
25਼ ਜਿਸ ਦਿਨ ਅਕਾਸ਼ ਬੱਦਲਾਂ ਸਮੇਤ ਫੱਟ ਜਾਵੇਗਾ ਅਤੇ ਫ਼ਰਿਸ਼ਤਿਆਂ ਦੀਆਂ ਡਾਰਾਂ ਦੀਆਂ ਡਾਰਾਂ (ਧਰਤੀ ’ਤੇ) ਉਤਾਰੀਆਂ ਜਾਣਗੀਆਂ।
★
25 : 26
ٱلْمُلْكُ يَوْمَئِذٍ ٱلْحَقُّ لِلرَّحْمَـٰنِ ۚ وَكَانَ يَوْمًا عَلَى ٱلْكَـٰفِرِينَ عَسِيرًا
26਼ ਉਸ ਦਿਨ ਸੱਚੀ ਪਾਤਸ਼ਾਹੀ ਕੇਵਲ ਰਹਿਮਾਨ ਦੀ ਹੀ ਹੋਵੇਗੀ ਅਤੇ ਉਹ ਦਿਨ ਕਾਫ਼ਿਰਾਂ ਲਈ ਬਹੁਤ ਭਾਰੀ ਹੋਵੇਗਾ।
★
25 : 27
وَيَوْمَ يَعَضُّ ٱلظَّالِمُ عَلَىٰ يَدَيْهِ يَقُولُ يَـٰلَيْتَنِى ٱتَّخَذْتُ مَعَ ٱلرَّسُولِ سَبِيلًا
27਼ ਉਸ ਦਿਨ ਹਰ ਜ਼ਾਲਮ ਵਿਅਕਤੀ ਆਪਣੇ ਹੱਥਾਂ ਨੂੰ ਭਾਵ ਉਂਗਲਾਂ ਨੂੰ ਦੰਦੀ ਵੱਡੇਗਾ ਅਤੇ ਆਖੇਗਾ ਕਿ ਕਾਸ਼! ਰਸੂਲ ਦੇ ਨਾਲ ਮੈਂ ਵੀ (ਦੀਨ ਦੀ ਸਿੱਧੀ) ਰਾਹ ਫੜੀ ਹੁੰਦੀ।1
★
25 : 28
يَـٰوَيْلَتَىٰ لَيْتَنِى لَمْ أَتَّخِذْ فُلَانًا خَلِيلًا
28਼ ਹਾਏ ਮੇਰੇ ਮਾੜੇ ਭਾਗ! ਕਾਸ਼! ਮੈਂ ਫਲਾਣੇ ਨੂੰ ਆਪਣਾ ਮਿੱਤਰ ਨਾ ਬਣਾਉਂਦਾ।
★
25 : 29
لَّقَدْ أَضَلَّنِى عَنِ ٱلذِّكْرِ بَعْدَ إِذْ جَآءَنِى ۗ وَكَانَ ٱلشَّيْطَـٰنُ لِلْإِنسَـٰنِ خَذُولًا
29਼ ਬੇਸ਼ੱਕ ਉਸ (ਮਿੱਤਰ) ਨੇ ਹੀ ਮੈਨੂੰ ਗੁਮਰਾਹੀ ਵਿਚ ਪਾਈਆਂ ਸੀ ਜਦ ਕਿ ਜ਼ਿਕਰ (.ਕੁਰਆਨ) ਮੇਰੇ ਕੋਲ ਆ ਚੁੱਕਾ ਸੀ। ਸ਼ੈਤਾਨ ਤਾਂ ਮਨੁੱਖ ਨੂੰ ਬਿਪਤਾ ਵਿਚ ਫਸਾ ਕੇ ਬੇ-ਸਹਾਰਾ ਛੱਡ ਦੇਣ ਵਾਲਾ ਹੈ।
★
25 : 30
وَقَالَ ٱلرَّسُولُ يَـٰرَبِّ إِنَّ قَوْمِى ٱتَّخَذُوا۟ هَـٰذَا ٱلْقُرْءَانَ مَهْجُورًا
30਼ ਅਤੇ ਰਸੂਲ (ਕਿਆਮਤ ਦਿਹਾੜੇ) ਆਖੇਗਾ ਕਿ ਹੇ ਮੇਰੇ ਮਾਲਿਕ! ਮੇਰੀ ਕੌਮ ਨੇ ਇਸ .ਕੁਰਆਨ ਨੂੰ ਪਿੱਠ ਪਿੱਛੇ ਸੁੱਟ ਰੱਖਿਆ ਸੀ।
★
25 : 31
وَكَذَٰلِكَ جَعَلْنَا لِكُلِّ نَبِىٍّ عَدُوًّا مِّنَ ٱلْمُجْرِمِينَ ۗ وَكَفَىٰ بِرَبِّكَ هَادِيًا وَنَصِيرًا
31਼ (ਹੇ ਨਬੀ!) ਅਸੀਂ ਤਾਂ ਇਸੇ ਪ੍ਰਕਾਰ ਹਰੇਕ ਨਬੀ ਦਾ ਵੈਰੀ ਅਪਰਾਧੀਆਂ ਵਿੱਚੋਂ ਬਣਾਇਆ ਹੈ ਅਤੇ ਤੁਹਾਡਾ ਰੱਬ ਅਗਵਾਈ ਅਤੇ ਮਦਦ ਕਰਨ ਲਈ ਬਥੇਰਾ ਹਾ।
★
25 : 32
وَقَالَ ٱلَّذِينَ كَفَرُوا۟ لَوْلَا نُزِّلَ عَلَيْهِ ٱلْقُرْءَانُ جُمْلَةً وَٰحِدَةً ۚ كَذَٰلِكَ لِنُثَبِّتَ بِهِۦ فُؤَادَكَ ۖ وَرَتَّلْنَـٰهُ تَرْتِيلًا
32਼ ਅਤੇ ਕਾਫ਼ਿਰ ਕਹਿੰਦੇ ਹਨ ਕਿ ਇਸ (ਮੁਹੰਮਦ) ਉੱਤੇ ਸੰਪੂਰਨ਼ਕੁਰਆਨ ਇੱਕੋ ਵਾਰੀ ਕਿਉਂ ਨਹੀਂ ਉਤਾਰਿਆ ਗਿਆ? (ਹੇ ਨਬੀ!) ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਤੁਹਾਡਾ ਦਿਲ ਮਜ਼ਬੂਤ ਰੱਖੀਏ (ਭਾਵ ਯਾਦ ਰੱਖਣਾ ਤੇ ਅਮਲ ਕਰਨਾ ਆਸਾਨ ਹੋਵੇ)। ਅਸੀਂ ਇਸ .ਕੁਰਆਨ ਨੂੰ (ਵਿਸ਼ੇਸ਼ ਕ੍ਰਮ ਨਾਲ) ਠਹਿਰ-ਠਹਿਰ ਕੇ ਹੀ ਪੜ੍ਹ ਕੇ ਸੁਣਾਇਆ ਹੈ।
★
25 : 33
وَلَا يَأْتُونَكَ بِمَثَلٍ إِلَّا جِئْنَـٰكَ بِٱلْحَقِّ وَأَحْسَنَ تَفْسِيرًا
33਼ ਜੇ ਇਹ (ਕਾਫ਼ਿਰ) ਤੁਹਾਡੇ ਕੋਲ ਕੋਈ ਵੀ ਉਦਾਹਰਨ (ਜਾਂ ਵਿਚਿੱਤਰ ਪ੍ਰਸ਼ਨ) ਲੈ ਕੇ ਆਉਣ ਤਾਂ ਅਸੀਂ (ਉਸੇ ਵੇਲੇ) ਸੱਚਾਈ ’ਤੇ ਆਧਾਰਿਤ ਢੁਕਵਾਂ ਜਵਾਬ ਅਤੇ ਸੁਚੱਜੇ ਢੰਗ ਨਾਲ ਉਸ ਦਾ ਵਿਆਖਣ ਦੱਸ ਦਿੰਦੇ ਹਾਂ।
★
25 : 34
ٱلَّذِينَ يُحْشَرُونَ عَلَىٰ وُجُوهِهِمْ إِلَىٰ جَهَنَّمَ أُو۟لَـٰٓئِكَ شَرٌّ مَّكَانًا وَأَضَلُّ سَبِيلًا
34਼ ਜਿਹੜੇ ਲੋਕੀ ਇਕਠੇ ਕਰਕੇ ਮੂਧੇ ਮੂੰਹ ਨਰਕ ਵੱਲ ਧੱਕੇ ਜਾਣਗੇ ਉਹਨਾਂ ਦਾ ਟਿਕਾਣਾ ਬਹੁਤ ਹੀ ਭੈੜਾ ਹੈ ਅਤੇ ਉਹ ਉੱਕਾ ਹੀ ਭੈੜੇ ਰਾਹ ਵਾਲੇ ਹਨ।1
★
25 : 35
وَلَقَدْ ءَاتَيْنَا مُوسَى ٱلْكِتَـٰبَ وَجَعَلْنَا مَعَهُۥٓ أَخَاهُ هَـٰرُونَ وَزِيرًا
35਼ ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਬਖ਼ਸ਼ੀ ਅਤੇ ਉਸ ਦੇ ਭਰਾ ਹਾਰੂਨ ਨੂੰ ਉਸ ਦਾ ਸਹਾਇਕ ਬਣਾਇਆ।
★
25 : 36
فَقُلْنَا ٱذْهَبَآ إِلَى ٱلْقَوْمِ ٱلَّذِينَ كَذَّبُوا۟ بِـَٔايَـٰتِنَا فَدَمَّرْنَـٰهُمْ تَدْمِيرًا
36਼ ਅਸੀਂ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਦੋਵੇਂ ਉਸ ਕੌਮ ਵੱਲ ਜਾਓ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਇਆ ਹੈ। ਫੇਰ ਅਸੀਂ ਉਹਨਾਂ ਲੋਕਾਂ ਨੂੰ ਮਲਿਆਮੇਟ ਕਰ ਸੁੱਟਿਆ।
★
25 : 37
وَقَوْمَ نُوحٍ لَّمَّا كَذَّبُوا۟ ٱلرُّسُلَ أَغْرَقْنَـٰهُمْ وَجَعَلْنَـٰهُمْ لِلنَّاسِ ءَايَةً ۖ وَأَعْتَدْنَا لِلظَّـٰلِمِينَ عَذَابًا أَلِيمًا
37਼ ਅਤੇ ਨੂਹ ਦੀ ਕੌਮ ਨੇ ਵੀ ਜਦੋਂ ਰਸੂਲਾਂ ਨੂੰ ਝੂਠਾ ਕਿਹਾ ਤਾਂ ਅਸੀਂ ਉਹਨਾਂ ਸਭ ਨੂੰ ਡੋਬ ਦਿੱਤਾ ਅਤੇ ਸੰਸਾਰ ਦੇ ਸਾਰੇ ਲੋਕਾਂ ਲਈ ਇਕ ਸਿੱਖਿਆਦਾਇਕ ਨਿਸ਼ਾਨੀ ਬਣਾ ਦਿੱਤਾ। ਅਸੀਂ ਜ਼ਾਲਮਾਂ ਲਈ ਦਰਦਨਾਕ ਅਜ਼ਾਬ ਤਿਆਰ ਕਰ ਰੱਖਿਆ ਹੈ।
★
25 : 38
وَعَادًا وَثَمُودَا۟ وَأَصْحَـٰبَ ٱلرَّسِّ وَقُرُونًۢا بَيْنَ ذَٰلِكَ كَثِيرًا
38਼ ਆਦ, ਸਮੂਦ ਤੇ ਖੂਹ ਵਾਲੇ ਅਤੇ ਇਹਨਾਂ ਦੇ ਵਿਚਕਾਰ ਦੀਆਂ ਹੋਰ ਬਹੁਤ ਸਾਰੀਆਂ ਕੌਮਾਂ ਨੂੰ ਵੀ ਅਸੀਂ ਹਲਾਕ ਕਰ ਚੁੱਕੇ ਹਾਂ।
★
25 : 39
وَكُلًّا ضَرَبْنَا لَهُ ٱلْأَمْثَـٰلَ ۖ وَكُلًّا تَبَّرْنَا تَتْبِيرًا
39਼ ਅਸੀਂ ਉਹਨਾਂ ਸਭ ਕੌਮਾਂ ਨੂੰ (ਪਿੱਛੇ ਬਰਬਾਦ ਹੋਣ ਵਾਲਿਆਂ ਦੀਆਂ) ਉਦਾਹਰਣਾਂ ਪੇਸ਼ ਕੀਤੀਆਂ (ਤਾਂ ਜੋ ਸਮਝ ਜਾਣ) ਅਖ਼ੀਰ ਹਰੇਕ ਨੂੰ ਬਰਬਾਦ ਕਰਕੇ ਮਲੀਆਂਮੇਟ ਕਰ ਦਿੱਤਾ।
★
25 : 40
وَلَقَدْ أَتَوْا۟ عَلَى ٱلْقَرْيَةِ ٱلَّتِىٓ أُمْطِرَتْ مَطَرَ ٱلسَّوْءِ ۚ أَفَلَمْ يَكُونُوا۟ يَرَوْنَهَا ۚ بَلْ كَانُوا۟ لَا يَرْجُونَ نُشُورًا
40਼ ਇਹ (ਮੱਕੇ ਦੇ) ਲੋਕ ਉਸ ਬਸਤੀ ਦੇ ਨੇੜ੍ਹਿਓ ਹੀ ਲੰਘਦੇ ਹਨ ਜਿੱਥੇ ਬੜੀ ਭੈੜੀ (ਪੱਥਰਾਂ ਦੀ) ਬਾਰਿਸ਼ ਹੋਈ ਸੀ। ਕੀ ਇਹ ਫੇਰ ਵੀ ਉਸ ਨੂੰ ਨਹੀਂ ਵੇਖਦੇ ? ਸੱਚੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਮਰਨ ਮਗਰੋਂ ਮੁੜ ਸੁਰਜੀਤ ਹੋਣ ਦੀ ਆਸ ਹੀ ਨਹੀਂ।
★
25 : 41
وَإِذَا رَأَوْكَ إِن يَتَّخِذُونَكَ إِلَّا هُزُوًا أَهَـٰذَا ٱلَّذِى بَعَثَ ٱللَّهُ رَسُولًا
41਼ ਹੇ ਨਬੀ! ਜਦੋਂ ਉਹ ਤੁਹਾਨੂੰ ਵੇਖਦੇ ਹਨ ਤਾਂ ਤੁਹਾਡਾ ਮਖੌਲ ਕਰਦੇ ਹਨ (ਅਤੇ ਕਹਿੰਦੇ ਹਨ), ਕੀ ਇਹ ਇਹੋ ਵਿਅਕਤੀ ਹੈ ਜਿਸ ਨੂੰ ਅੱਲਾਹ ਨੇ ਆਪਣਾ ਰਸੂਲ ਬਣਾ ਕੇ ਭੇਜਿਆ ਹੈ ?
★
25 : 42
إِن كَادَ لَيُضِلُّنَا عَنْ ءَالِهَتِنَا لَوْلَآ أَن صَبَرْنَا عَلَيْهَا ۚ وَسَوْفَ يَعْلَمُونَ حِينَ يَرَوْنَ ٱلْعَذَابَ مَنْ أَضَلُّ سَبِيلًا
42਼ ਇਹ ਕਾਫ਼ਿਰ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਅਸੀਂ ਇਸ (ਕੁਫ਼ਰ) ’ਤੇ ਅੜੇ ਨਾ ਰਹਿੰਦੇ ਤਾਂ ਇਸ (ਨਬੀ ਸ:) ਨੇ ਤਾਂ ਸਾਨੂੰ ਸਾਡੇ ਇਸ਼ਟਾਂ ਤੋਂ ਬਹਕਾ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਸੀ। ਪਰੰਤੂ ਜਦੋਂ ਇਹ ਅਜ਼ਾਬਾਂ ਨੂੰ ਵੇਖਣਗੇ ਤਾਂ ਉਹਨਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕੌਣ ਰਾਹੋਂ ਭਟਕਿਆ ਹੋਇਆ ਹੈ ?
★
25 : 43
أَرَءَيْتَ مَنِ ٱتَّخَذَ إِلَـٰهَهُۥ هَوَىٰهُ أَفَأَنتَ تَكُونُ عَلَيْهِ وَكِيلًا
43਼ ਕੀ ਤੁਸੀਂ (ਹੇ ਨਬੀ!) ਉਸ ਨੂੰ ਨਹੀਂ ਵੇਖਿਆ ਜਿਸ ਨੇ ਆਪਣੀਆਂ ਇੱਛਾਵਾਂ ਨੂੰ ਆਪਣਾ ਇਸ਼ਟ ਬਣਾ ਰੱਖਿਆ ਹੈ? ਕੀ ਤੁਸੀਂ ਅਜਿਹੇ ਵਿਅਕਤੀ ਦੀ (ਸਿੱਧੇ ਰਾਹ ਚੱਲਣ ਦੀ) ਜ਼ਿੰਮੇਵਾਰੀ ਲੈ ਸਕਦੇ ਹੋ?
★
25 : 44
أَمْ تَحْسَبُ أَنَّ أَكْثَرَهُمْ يَسْمَعُونَ أَوْ يَعْقِلُونَ ۚ إِنْ هُمْ إِلَّا كَٱلْأَنْعَـٰمِ ۖ بَلْ هُمْ أَضَلُّ سَبِيلًا
44਼ ਕੀ ਤੁਸੀਂ ਇਸ ਖ਼ਿਆਲ ਵਿਚ ਹੋ ਕਿ ਉਹਨਾਂ ਲੋਕਾਂ ਵਿੱਚੋਂ ਬਹੁਤੇ ਲੋਕ ਸੁਣਦੇ ਜਾਂ ਸਮਝਦੇ ਹਨ ? ਇਹ ਤਾਂ ਪਸ਼ੂਆਂ ਸਮਾਨ ਹਨ ਸਗੋਂ ਉਹਨਾਂ ਤੋਂ ਵੀ ਗਏ ਗੁਜ਼ਰੇ ਹਨ।
★
25 : 45
أَلَمْ تَرَ إِلَىٰ رَبِّكَ كَيْفَ مَدَّ ٱلظِّلَّ وَلَوْ شَآءَ لَجَعَلَهُۥ سَاكِنًا ثُمَّ جَعَلْنَا ٱلشَّمْسَ عَلَيْهِ دَلِيلًا
45਼ (ਹੇ ਮੁਹੰਮਦ!) ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ਪਰਛਾਵੇਂ ਨੂੰ ਕਿਵੇਂ ਫੈਲਾਇਆ ਹੈ ? ਜੇਕਰ ਉਹ ਚਾਹੁੰਦਾ ਤਾਂ ਉਸ ਨੂੰ ਸਥਿਰ ਹੀ ਕਰ ਦਿੰਦਾ। ਫੇਰ ਅਸਾਂ ਸੂਰਜ ਨੂੰ ਉਸ (ਪਰਛਾਵੇਂ) ਦਾ ਆਗੂ ਬਣਾਇਆ। (ਭਾਵ ਜੇ ਸੂਰਜ ਨਾ ਹੁੰਦਾ ਤਾਂ ਪਰਛਾਵਾਂ ਵੀ ਨਾ ਹੁੰਦਾ)।
★
25 : 46
ثُمَّ قَبَضْنَـٰهُ إِلَيْنَا قَبْضًا يَسِيرًا
46਼ ਫੇਰ ਅਸੀਂ ਇਸ (ਸੂਰਜ) ਨੂੰ ਹੌਲੀ-ਹੌਲੀ ਆਪਣੇ ਵੱਲ ਸਮੇਟ ਲਿਆ (ਭਾਵ ਸੂਰਜ ਨੂੰ ਡੋਬ ਦਿੱਤਾ)।
★
25 : 47
وَهُوَ ٱلَّذِى جَعَلَ لَكُمُ ٱلَّيْلَ لِبَاسًا وَٱلنَّوْمَ سُبَاتًا وَجَعَلَ ٱلنَّهَارَ نُشُورًا
47਼ ਅਤੇ ਉਹੀ (ਅੱਲਾਹ) ਹੈ ਜਿਸ ਨੇ ਰਾਤ ਨੂੰ ਤੁਹਾਡੇ ਲਈ ਪੜਦਾ ਬਣਾਇਆ ਅਤੇ ਨੀਂਦਰ ਨੂੰ ਅਰਾਮ ਸਕੂਨ ਦਾ ਸਾਧਨ ਬਣਾਇਆ ਅਤੇ ਦਿਨ ਨੂੰ ਉਠ ਖੜੇ ਹੋਣ ਦਾ (ਭਾਵ ਜਾਗਣ ਦਾ) ਵੇਲਾ ਬਣਾਇਆ।
★
25 : 48
وَهُوَ ٱلَّذِىٓ أَرْسَلَ ٱلرِّيَـٰحَ بُشْرًۢا بَيْنَ يَدَىْ رَحْمَتِهِۦ ۚ وَأَنزَلْنَا مِنَ ٱلسَّمَآءِ مَآءً طَهُورًا
48਼ ਅਤੇ ਉਹੀ (ਅੱਲਾਹ) ਹੈ ਜਿਹੜਾ ਆਪਣੀ ਮਿਹਰਾਂ ਵਾਲੇ ਮੀਂਹ ਤੋਂ ਪਹਿਲਾਂ ਹਵਾਵਾਂ ਨੂੰ ਖ਼ੁਸ਼ਖ਼ਬਰੀ ਦੇਣ ਵਾਲੀਆਂ ਬਣਾ ਕੇ ਭੇਜਦਾ ਹੈ ਅਤੇ ਅਕਾਸ਼ ਤੋਂ ਪਵਿੱਤਰ ਪਾਣੀ ਵੀ ਅਸੀਂ ਹੀ ਉਤਾਰਿਆ ਹੈ।
★
25 : 49
لِّنُحْـِۧىَ بِهِۦ بَلْدَةً مَّيْتًا وَنُسْقِيَهُۥ مِمَّا خَلَقْنَآ أَنْعَـٰمًا وَأَنَاسِىَّ كَثِيرًا
49਼ ਤਾਂ ਜੋ ਇਸ (ਮੀਂਹ) ਰਾਹੀਂ ਮੁਰਦਾ ਇਲਾਕੇ (ਬੰਜਰ ਧਰਤੀ) ਨੂੰ ਜਿਊਂਦਾ (ਉਪਜਾਊ) ਕਰ ਦਈਏ ਅਤੇ ਅਸੀਂ ਇਸ (ਪਾਣੀ) ਨੂੰ ਆਪਣੀ ਮਖ਼ਲੂਕ (ਸ੍ਰਿਸ਼ਟੀ) ਵਿੱਚੋਂ ਬਹੁਤ ਸਾਰੇ ਜਾਨਵਰਾਂ ਅਤੇ ਮਨੁੱਖਾਂ ਨੂੰ ਪਿਆਈਏ।
★
25 : 50
وَلَقَدْ صَرَّفْنَـٰهُ بَيْنَهُمْ لِيَذَّكَّرُوا۟ فَأَبَىٰٓ أَكْثَرُ ٱلنَّاسِ إِلَّا كُفُورًا
50਼ ਅਤੇ ਬੇਸ਼ੱਕ ਅਸੀਂ ਇਸ (ਮੀਂਹ) ਨੂੰ ਮੁੜ-ਮੁੜ ਉਹਨਾਂ ਦੇ ਸਾਹਮਣੇ ਲਿਆਉਂਦੇ ਭਾਵ ਬਰਸਾਉਂਦੇ ਹਾਂ ਤਾਂ ਜੋ ਉਹ ਸਿੱਖਿਆ ਪ੍ਰਾਪਤ ਕਰ ਸਕਣ ਪਰ ਫੇਰ ਵੀ ਬਹੁਤੇ ਲੋਕ ਨਾ-ਸ਼ੁਕਰੀ ਕਰਦੇ ਹਨ।
★
25 : 51
وَلَوْ شِئْنَا لَبَعَثْنَا فِى كُلِّ قَرْيَةٍ نَّذِيرًا
51਼ ਜੇਕਰ ਅਸੀਂ ਚਾਹੁੰਦੇ ਤਾਂ ਹਰੇਕ ਬਸਤੀ ਵਿਚ (ਨਰਕ ਤੋਂ) ਇਕ ਡਰਾਉਣ ਵਾਲਾ (ਨਬੀ) ਭੇਜਦੇ।
★
25 : 52
فَلَا تُطِعِ ٱلْكَـٰفِرِينَ وَجَـٰهِدْهُم بِهِۦ جِهَادًا كَبِيرًا
52਼ ਸੋ (ਹੇ ਨਬੀ!) ਤੁਸੀਂ ਕਾਫ਼ਿਰਾਂ ਦੇ ਆਖੇ ਨਾਂ ਲੱਗੋ ਅਤੇ ਇਸ .ਕੁਰਆਨ (ਦੀਆਂ ਸਿੱਖਿਆਵਾਂ) ਰਾਹੀਂ ਉਹਨਾਂ (ਕਾਫ਼ਿਰਾਂ) ਵਿਰੁੱਧ ਜਿਹਾਦ (ਸੰਘਰਸ਼) ਕਰੋ।
★
25 : 53
۞ وَهُوَ ٱلَّذِى مَرَجَ ٱلْبَحْرَيْنِ هَـٰذَا عَذْبٌ فُرَاتٌ وَهَـٰذَا مِلْحٌ أُجَاجٌ وَجَعَلَ بَيْنَهُمَا بَرْزَخًا وَحِجْرًا مَّحْجُورًا
53਼ ਅਤੇ ਉਹੀ (ਅੱਲਾਹ) ਹੈ ਜਿਸ ਨੇ ਦੋ ਸਮੁੰਦਰਾਂ ਨੂੰ ਮਿਲਾ ਰੱਖਿਆ ਹੈ। ਇਕ ਪਾਣੀ ਮੀਠਾ ਤੇ ਪਿਆਸ ਬੁਝਾਉਂਦਾ ਹੈ ਅਤੇ ਦੂਜਾ ਖਾਰਾ ਤੇ ਕੌੜਾ ਹੈ ਅਤੇ ਉਹਨਾਂ ਦੋਵਾਂ ਵਿਚਕਾਰ ਇਕ ਪੜ੍ਹਦਾ ਹੈ, ਜਿਸ ਨੇ ਉਹਨਾਂ ਨੂੰ ਗਡ-ਮਡ ਹੋਣ ਤੋਂ ਰੋਕ ਰੱਖਿਆ ਹੈ।
★
25 : 54
وَهُوَ ٱلَّذِى خَلَقَ مِنَ ٱلْمَآءِ بَشَرًا فَجَعَلَهُۥ نَسَبًا وَصِهْرًا ۗ وَكَانَ رَبُّكَ قَدِيرًا
54਼ ਅਤੇ (ਅੱਲਾਹ) ਉਹੀ ਹੈ ਜਿਸ ਨੇ ਪਾਣੀ (ਭਾਵ ਵੀਰਜ) ਤੋਂ ਮਨੁੱਖ ਨੂੰ ਪੈਦਾ ਕੀਤਾ ਫੇਰ ਉਸ ਨੂੰ ਪਰਿਵਾਰ ਵਾਲਾ ਅਤੇ ਸਹੁਰਿਆਂ ਵਾਲਾ ਬਣਾਇਆ। ਬੇਸ਼ੱਕ ਤੁਹਾਡਾ ਰੱਬ ਹਰ ਕੰਮ ਕਰਨ ਦੀ ਕੁਦਰਤ ਰੱਖਦਾ ਹੈ।
★
25 : 55
وَيَعْبُدُونَ مِن دُونِ ٱللَّهِ مَا لَا يَنفَعُهُمْ وَلَا يَضُرُّهُمْ ۗ وَكَانَ ٱلْكَافِرُ عَلَىٰ رَبِّهِۦ ظَهِيرًا
55਼ ਇਹ (ਕਾਫ਼ਿਰ) ਲੋਕ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜੋ ਨਾ ਤਾਂ ਉਹਨਾਂ ਨੂੰ ਕੋਈ ਲਾਭ ਹੀ ਦੇ ਸਕਦੇ ਹਨ ਤੇ ਨਾ ਹੀ ਕੋਈ ਹਾਨੀ। ਕਾਫ਼ਿਰ ਤਾਂ ਆਪਣੇ ਰੱਬ ਦੇ ਵਿਰੁੱਧ (ਸ਼ੈਤਾਨ ਦਾ) ਸਹਾਈ ਹੈ।
★
25 : 56
وَمَآ أَرْسَلْنَـٰكَ إِلَّا مُبَشِّرًا وَنَذِيرًا
56਼ (ਹੇ ਮੁਹੰਮਦ!) ਅਸਾਂ ਤਾਂ ਤੁਹਾਨੂੰ (ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਅਤੇ (ਅਜ਼ਾਬ) ਤੋਂ ਡਰਾਉਣ ਵਾਲਾ ਬਣਾ ਕੇ ਭੇਜਿਆ ਹੈ।
★
25 : 57
قُلْ مَآ أَسْـَٔلُكُمْ عَلَيْهِ مِنْ أَجْرٍ إِلَّا مَن شَآءَ أَن يَتَّخِذَ إِلَىٰ رَبِّهِۦ سَبِيلًا
57਼ (ਹੇ ਨਬੀ! ਉਹਨਾਂ ਕਾਫ਼ਿਰਾਂ ਨੂੰ) ਆਖੋ ਕਿ ਮੈਂ ਇਸ ਕੰਮ ਲਈ (.ਕੁਰਆਨੀ ਸਿੱਖਿਆਵਾਂ ਪਹੁੰਚਾਉਣ ਲਈ) ਤੁਹਾਥੋਂ ਕੋਈ ਬਦਲਾ ਨਹੀਂ ਮੰਗਦਾ। ਸੋ ਜੋ ਵੀ ਚਾਹਵੇਂ (ਇਹਨਾਂ ਸਿੱਖਿਆਵਾਂ ਨੂੰ ਮੰਨਦਾ ਹੋਇਆ) ਆਪਣੇ ਰੱਬ ਵੱਲ ਜਾ ਸਕਦਾ ਹੈ।
★
25 : 58
وَتَوَكَّلْ عَلَى ٱلْحَىِّ ٱلَّذِى لَا يَمُوتُ وَسَبِّحْ بِحَمْدِهِۦ ۚ وَكَفَىٰ بِهِۦ بِذُنُوبِ عِبَادِهِۦ خَبِيرًا
58਼ ਸੋ ਤੁਸੀਂ ਉਸ ਸਦਾ ਜੀਵਿਤ ਰਹਿਣ ਵਾਲੇ (ਅੱਲਾਹ) ’ਤੇ ਭਰੋਸਾ ਰੱਖੋ ਜਿਸ ਨੂੰ ਕਦੇ ਮੌਤ ਨਹੀਂ ਆਵੇਗੀ ਅਤੇ ਉਸ ਦੀ ਮਹਿਮਾ ਨਾਲ ਉਸ ਦੀ ਤਸਬੀਹ ਕਰੋ। ਉਹ (ਰੱਬ) ਆਪਣੇ ਬੰਦਿਆਂ ਦੇ ਗੁਨਾਹਾਂ ਤੋਂ ਸਭ ਤੋਂ ਵੱਧ ਜਾਣੂ ਹੈ।
★
25 : 59
ٱلَّذِى خَلَقَ ٱلسَّمَـٰوَٰتِ وَٱلْأَرْضَ وَمَا بَيْنَهُمَا فِى سِتَّةِ أَيَّامٍ ثُمَّ ٱسْتَوَىٰ عَلَى ٱلْعَرْشِ ۚ ٱلرَّحْمَـٰنُ فَسْـَٔلْ بِهِۦ خَبِيرًا
59਼ (ਅੱਲਾਹ) ਉਹ ਜ਼ਾਤ ਹੈ ਜਿਸ ਨੇ ਅਕਾਸ਼ਾਂ ਅਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਫੇਰ ਅਰਸ਼ (ਅਕਾਸ਼) ’ਤੇ ਵਿਰਾਜਮਾਨ ਹੋਇਆ। ਉਹੀ ਰਹਿਮਾਨ ਹੈ, ਤੁਸੀਂ ਉਸ ਦੀ ਸ਼ਾਨ ਕਿਸੇ ਜਾਣਨ ਵਾਲੇ ਤੋਂ ਪੁੱਛੋ।
★
25 : 60
وَإِذَا قِيلَ لَهُمُ ٱسْجُدُوا۟ لِلرَّحْمَـٰنِ قَالُوا۟ وَمَا ٱلرَّحْمَـٰنُ أَنَسْجُدُ لِمَا تَأْمُرُنَا وَزَادَهُمْ نُفُورًا ۩
60਼ ਜਦੋਂ ਉਹਨਾਂ (ਕਾਫ਼ਿਰਾਂ) ਨੂੰ ਕਿਹਾ ਜਾਂਦਾ ਹੈ ਕਿ ਰਹਿਮਾਨ ਨੂੰ ਸਿਜਦਾ ਕਰੋ ਤਾਂ ਪੁੱਛਦੇ ਹਨ ਕਿ ਰਹਿਮਾਨ ਕੌਣ ਹੈ? ਕੀ ਅਸੀਂ ਉਸ ਨੂੰ ਸਿਜਦਾ ਕਰੀਏ ਜਿਸ ਦਾ ਹੁਕਮ ਤੁਸੀਂ (ਮੁਹੰਮਦ ਸ:) ਸਾਨੂੰ ਦੇ ਰਹੇ ਹੋ? ਇਸ ਗੱਲ ਨੇ ਤਾਂ ਉਹਨਾਂ ਦੀ ਘਿਰਨਾਂ ਵਿਚ ਵਧੇਰੇ ਵਾਧਾ ਕੀਤਾ ਹੈ।
★
25 : 61
تَبَارَكَ ٱلَّذِى جَعَلَ فِى ٱلسَّمَآءِ بُرُوجًا وَجَعَلَ فِيهَا سِرَٰجًا وَقَمَرًا مُّنِيرًا
61਼ ਉਹ ਵੱਡੀਆਂ ਬਰਕਤਾਂ ਵਾਲਾ ਹੈ ਜਿਸ ਨੇ ਅਕਾਸ਼ ਵਿਚ ਬੁਰਜ ਬਣਾਏ ਅਤੇ ਉਸੇ ਵਿਚ ਚਰਾਗ਼ (ਸੂਰਜ) ਅਤੇ ਰੌਸ਼ਨ ਚੰਨ ਬਣਾਇਆ।
★
25 : 62
وَهُوَ ٱلَّذِى جَعَلَ ٱلَّيْلَ وَٱلنَّهَارَ خِلْفَةً لِّمَنْ أَرَادَ أَن يَذَّكَّرَ أَوْ أَرَادَ شُكُورًا
62਼ ਉਸੇ ਨੇ ਇਕ ਦੂਜੇ ਦੇ ਪਿੱਛੇ ਆਉਣ ਵਾਲੇ ਰਾਤ ਤੇ ਦਿਨ ਬਣਾਏ। ਇਹ ਸਭ ਉਸ ਵਿਅਕਤੀ ਨੂੰ ਸਮਝਾਉਣ ਲਈ ਹੈ ਜਿਹੜਾ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਧੰਨਵਾਦੀ ਹੋਣਾ ਚਾਹੁੰਦਾ ਹੈ।
★
25 : 63
وَعِبَادُ ٱلرَّحْمَـٰنِ ٱلَّذِينَ يَمْشُونَ عَلَى ٱلْأَرْضِ هَوْنًا وَإِذَا خَاطَبَهُمُ ٱلْجَـٰهِلُونَ قَالُوا۟ سَلَـٰمًا
63਼ ਰਹਿਮਾਨ ਦੇ (ਸੱਚੇ) ਬੰਦੇ ਉਹ ਹਨ ਜਿਹੜੇ ਧਰਤੀ ’ਤੇ ਨਰਮਾਈ ਨਾਲ ਤੁਰਦੇ ਹਨ। ਜਦੋਂ ਜਾਹਿਲ ਲੋਕ ਉਹਨਾਂ ਨਾਲ (ਬੇਤੁਕੀਆਂ) ਗੱਲਾਂ ਕਰਨ ਲੱਗਦੇ ਹਨ ਤਾਂ ਉਹ (ਉਲਝਦੇ ਨਹੀਂ) ਬਸ ਕਹਿੰਦੇ ਹਨ ਕਿ ਤੁਹਾਨੂੰ ਮੇਰਾ ਸਲਾਮ।
★
25 : 64
وَٱلَّذِينَ يَبِيتُونَ لِرَبِّهِمْ سُجَّدًا وَقِيَـٰمًا
64਼ ਅਤੇ ਜਿਹੜੇ ਆਪਣੇ ਰੱਬ ਦੇ ਹਜ਼ੂਰ ਸਿਜਦੇ ਤੇ ਕਿਯਾਮ ਕਰਦੇ (ਭਾਵ ਨਮਾਜ਼ਾਂ ਪੜ੍ਹਦੇ) ਹੋਏ ਰਾਤਾਂ ਗੁਜ਼ਾਰਦੇ ਹਨ।1
★
25 : 65
وَٱلَّذِينَ يَقُولُونَ رَبَّنَا ٱصْرِفْ عَنَّا عَذَابَ جَهَنَّمَ ۖ إِنَّ عَذَابَهَا كَانَ غَرَامًا
65਼ ਅਤੇ ਜਿਹੜੇ ਇਹ ਦੁਆਵਾਂ ਕਰਦੇ ਹਨ ਕਿ ਹੇ ਸਾਡੇ ਰੱਬਾ! ਨਰਕ ਦਾ ਅਜ਼ਾਬ ਸਾਥੋਂ ਪਰਾਂ ਹੀ ਰੱਖਿਓ ਕਿਉਂ ਜੋ ਉਸ ਦਾ ਅਜ਼ਾਬ ਸਦਾ ਲਈ ਚਿੰਬੜਣ ਵਾਲਾ ਹੈ।
★
25 : 66
إِنَّهَا سَآءَتْ مُسْتَقَرًّا وَمُقَامًا
66਼ ਨਿਰਸੰਦੇਹ, ਉਹ (ਨਰਕ) ਤਾਂ ਵੱਡੀ ਭੈੜੀ ਠਹਿਰਨ ਅਤੇ ਰਹਿਣ ਵਾਲੀ ਥਾਂ ਹੈ।
★
25 : 67
وَٱلَّذِينَ إِذَآ أَنفَقُوا۟ لَمْ يُسْرِفُوا۟ وَلَمْ يَقْتُرُوا۟ وَكَانَ بَيْنَ ذَٰلِكَ قَوَامًا
67਼ ਉਹ ਲੋਕ ਖ਼ਰਚ ਕਰਦੇ ਸਮੇਂ ਨਾ ਤਾਂ ਫਾਲਤੂ (ਲੋੜ ਤੋਂ ਵਧ) ਖ਼ਰਚ ਕਰਦੇ ਹਨ ਅਤੇ ਨਾ ਹੀ ਕੰਜੂਸੀ ਤੋਂ ਕੰਮ ਲੈਂਦੇ ਹਨ, ਸਗੋਂ ਉਹਨਾਂ ਦੋਵਾਂ ਦੇ ਵਿਚਾਲੇ ਵਾਲੀ ਰਾਹ ਅਪਣਾਉਂਦੇ ਹਨ।
★
25 : 68
وَٱلَّذِينَ لَا يَدْعُونَ مَعَ ٱللَّهِ إِلَـٰهًا ءَاخَرَ وَلَا يَقْتُلُونَ ٱلنَّفْسَ ٱلَّتِى حَرَّمَ ٱللَّهُ إِلَّا بِٱلْحَقِّ وَلَا يَزْنُونَ ۚ وَمَن يَفْعَلْ ذَٰلِكَ يَلْقَ أَثَامًا
68਼ ਉਹ ਅੱਲਾਹ ਦੇ ਨਾਲੋ-ਨਾਲ ਕਿਸੇ ਹੋਰ ਇਸ਼ਟ ਨੂੰ (ਮਦਦ ਲਈ) ਨਹੀਂ ਪੁਕਾਰਦੇ ਅਤੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਕਤਲ ਨਹੀਂ ਕਰਦੇ, ਜਿਸ ਨੂੰ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੈ ਅਤੇ ਨਾ ਹੀ ਉਹ ਜ਼ਨਾਖੋਰੀ ਕਰਦੇ ਹਨ। ਜਿਹੜਾ ਵੀ ਕੋਈ ਇਹ ਕੰਮ ਕਰੇਗਾ, ਉਸ ਦੇ ਪਾਪਾਂ ਦੀ ਸਜ਼ਾ ਉਸੇ ਨੂੰ ਮਿਲੇਗੀ।
★
25 : 69
يُضَـٰعَفْ لَهُ ٱلْعَذَابُ يَوْمَ ٱلْقِيَـٰمَةِ وَيَخْلُدْ فِيهِۦ مُهَانًا
69਼ ਕਿਆਮਤ ਵਾਲੇ ਦਿਨ ਉਸ ਦਾ ਅਜ਼ਾਬ ਦੁੱਗਨਾ ਕਰ ਦਿੱਤਾ ਜਾਵੇਗਾ ਅਤੇ ਉਹ ਉਸ ਵਿਚ ਸਦਾ ਅਪਮਾਨਿਤ ਹੋ ਕੇ ਰਹੇਗਾ।
★
25 : 70
إِلَّا مَن تَابَ وَءَامَنَ وَعَمِلَ عَمَلًا صَـٰلِحًا فَأُو۟لَـٰٓئِكَ يُبَدِّلُ ٱللَّهُ سَيِّـَٔاتِهِمْ حَسَنَـٰتٍ ۗ وَكَانَ ٱللَّهُ غَفُورًا رَّحِيمًا
70਼ ਪਰ ਜਿਨ੍ਹਾਂ ਨੇ ਤੌਬਾ ਕਰ ਲਈ ਅਤੇ ਈਮਾਨ ਲਿਆਏ ਅਤੇ ਨੇਕ ਕੰਮ ਕੀਤੇ ਅਜਿਹੇ ਲੋਕਾਂ ਦੀਆਂ ਬੁਰਾਈਆਂ ਨੂੰ ਅੱਲਾਹ ਨੇਕੀਆਂ ਵਿਚ ਬਦਲ ਦੇਵੇਗਾ। ਅੱਲਾਹ (ਮਿਹਰਾਂ ਸਦਕੇ) ਬਖ਼ਸ਼ਣਹਾਰ ਤੇ ਮਿਹਰਬਾਨ ਹੈ।1
★
25 : 71
وَمَن تَابَ وَعَمِلَ صَـٰلِحًا فَإِنَّهُۥ يَتُوبُ إِلَى ٱللَّهِ مَتَابًا
71਼ ਅਤੇ ਜਿਹੜਾ ਕੋਈ ਤੌਬਾ ਕਰੇ ਅਤੇ ਨੇਕ ਕੰਮ ਵੀ ਕਰੇ, ਬੇਸ਼ੱਕ ਉਹੀ ਤੌਬਾ ਕਰਦਾ ਹੈ ਜਿਵੇਂ ਤੌਬਾ ਕਰਨ ਦਾ ਹੱਕ ਹੈ।
★
25 : 72
وَٱلَّذِينَ لَا يَشْهَدُونَ ٱلزُّورَ وَإِذَا مَرُّوا۟ بِٱللَّغْوِ مَرُّوا۟ كِرَامًا
72਼ ਅਤੇ ਜਿਹੜੇ ਲੋਕੀ ਝੂਠੀ ਗਵਾਹੀ ਨਹੀਂ ਦਿੰਦੇ ਅਤੇ ਜਦੋਂ ਕਿਸੇ ਭੈੜੀ ਥਾਂ ਤੋਂ ਉਹਨਾਂ ਦਾ ਲੰਘਣਾ ਹੁੰਦਾ ਹੈ ਤਾਂ ਉਹ ਸ਼ਰਾਫ਼ਤ ਨਾਲ ਗੁਜ਼ਰ ਜਾਂਦੇ ਹਨ।
★
25 : 73
وَٱلَّذِينَ إِذَا ذُكِّرُوا۟ بِـَٔايَـٰتِ رَبِّهِمْ لَمْ يَخِرُّوا۟ عَلَيْهَا صُمًّا وَعُمْيَانًا
73਼ ਜਦੋਂ ਉਹਨਾਂ ਨੂੰ ਉਹਨਾਂ ਦੇ ਰਬ ਦੇ ਕਲਾਮ (•ਕੁਰਆਨ) ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਉਹਨਾਂ ਉੱਤੇ ਅੰਨ੍ਹੇ ਤੇ ਬੋਲੇ ਬਣ ਕੇ ਨਹੀਂ ਰਹਿ ਜਾਂਦੇ (ਸਗੋਂ ਧਿਆਨ ਨਾਲ ਸੁਣਦੇ ਹਨ)।
★
25 : 74
وَٱلَّذِينَ يَقُولُونَ رَبَّنَا هَبْ لَنَا مِنْ أَزْوَٰجِنَا وَذُرِّيَّـٰتِنَا قُرَّةَ أَعْيُنٍ وَٱجْعَلْنَا لِلْمُتَّقِينَ إِمَامًا
74਼ ਅਤੇ ਦੁਆ ਕਰਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੀਆਂ ਪਤਨੀਆਂ ਅਤੇ ਔਲਾਦ ਵੱਲੋਂ ਸਾਡੀਆਂ ਅੱਖਾਂ ਨੂੰ ਠੰਡੀਆਂ ਰੱਖ ਅਤੇ ਸਾਨੂੰ ਪਰਹੇਜ਼ਗਾਰ ਲੋਕਾਂ ਦਾ ਆਗੂ ਬਣਾ।
★
25 : 75
أُو۟لَـٰٓئِكَ يُجْزَوْنَ ٱلْغُرْفَةَ بِمَا صَبَرُوا۟ وَيُلَقَّوْنَ فِيهَا تَحِيَّةً وَسَلَـٰمًا
75਼ ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਸਬਰ (ਭਾਵ ਈਮਾਨ ’ਤੇ ਜੰਮੇ ਰਹਿਣ) ਦੇ ਬਦਲੇ ਸਵਰਗ ਵਿਚ ਉੱਚੀਆਂ-ਉੱਚੀਆਂ ਥਾਵਾਂ (ਮਹਿਲਾਂ ਦੇ ਰੂਪ ਵਿਚ) ਦਿੱਤੀਆਂ ਜਾਣਗੀਆਂ ਅਤੇ ਉੱਥੇ ਦੁਆ-ਸਲਾਮ ਨਾਲ ਉਹਨਾਂ ਦਾ ਸਵਾਗਤ ਹੋਵੇਗਾ।
★
25 : 76
خَـٰلِدِينَ فِيهَا ۚ حَسُنَتْ مُسْتَقَرًّا وَمُقَامًا
76਼ ਉਹ ਸਦਾ (ਉੱਥੇ ਹੀ ਰਹਿਣਗੇ ਅਤੇ ਉਹ (ਜੰਨਤ) ਬਹੁਤ ਹੀ ਵਧੀਆ ਨਿਵਾਸ ਸਥਾਨ ਹੈ।
★
25 : 77
قُلْ مَا يَعْبَؤُا۟ بِكُمْ رَبِّى لَوْلَا دُعَآؤُكُمْ ۖ فَقَدْ كَذَّبْتُمْ فَسَوْفَ يَكُونُ لِزَامًۢا
77਼ (ਹੇ ਨਬੀ!) ਆਖ ਦਿਓ ਕਿ (ਹੇ ਕਾਫ਼ਿਰੋ!) ਜੇਕਰ ਤੁਸੀਂ ਰੱਬ ਤੋਂ ਅਰਦਾਸਾਂ ਜਾਂ ਬੇਨਤੀਆਂ ਨਹੀਂ ਕਰਦੇ ਤਾਂ ਰੱਬ ਨੂੰ ਵੀ ਤੁਹਾਡੀ ਕੋਈ ਪਰਵਾਹ ਨਹੀਂ। ਤੁਸੀਂ ਤਾਂ (ਹੱਕ) ਦਾ ਇਨਕਾਰ ਕਰ ਹੀ ਚੁੱਕੇ ਹੋ, ਹੁਣ ਛੇਤੀ ਹੀ ਤੁਹਾਨੂੰ ਉਸ ਦਾ ਅਜ਼ਾਬ ਆਉਣ ਵਾਲਾ ਹੈ।
★